Respect Victoria (ਰਿਸਪੈਕਟ ਵਿਕਟੋਰੀਆ) ਬਾਰੇ
Respect Victoria ਦੀ ਸਥਾਪਨਾ 2018 ਵਿੱਚ ਕੀਤੀ ਗਈ ਸੀ ਅਤੇ ਇਹ ਵਿਕਟੋਰੀਆ ਵਿੱਚ ਪਰਿਵਾਰਕ ਹਿੰਸਾ ਅਤੇ ਔਰਤਾਂ ਵਿਰੁੱਧ ਹਿੰਸਾ ਨੂੰ ਰੋਕਣ ਲਈ ਸਰਕਾਰ ਦੀ ਸਮਰਪਿਤ ਸੰਸਥਾ ਹੈ।
ਹਿੰਸਾ ਨੂੰ ਰੋਕਣਾ
ਹਰੇਕ ਵਿਅਕਤੀ ਸੁਰੱਖਿਅਤ ਰਹਿਣ, ਬਰਾਬਰੀ ਅਤੇ ਸਤਿਕਾਰ ਦਾ ਹੱਕਦਾਰ ਹੈ।
ਪਰ ਵਿਕਟੋਰੀਆ ਭਰ ਵਿੱਚ ਪਰਿਵਾਰਕ ਹਿੰਸਾ ਅਤੇ ਔਰਤਾਂ ਵਿਰੁੱਧ ਹਿੰਸਾ ਅਜੇ ਵੀ ਮੌਜੂਦ ਹੈ।
- 15 ਸਾਲ ਦੀ ਉਮਰ ਤੋਂ ਹੀ 4 ਵਿੱਚੋਂ 1 ਤੋਂ ਵੱਧ ਔਰਤਾਂ ਨੇ ਆਪਣੇ ਨਜ਼ਦੀਕੀ ਸਾਥੀ ਵੱਲੋਂ ਕੀਤੀ ਹਿੰਸਾ ਦਾ ਸਾਹਮਣਾ ਕੀਤਾ ਹੈ
- ਔਸਤਨ, ਆਸਟ੍ਰੇਲੀਆ ਵਿੱਚ ਹਰ 9 ਦਿਨਾਂ ਵਿੱਚ ਇੱਕ ਆਦਮੀ ਆਪਣੀ ਔਰਤ ਜੀਵਨਸਾਥੀ ਦੀ ਹੱਤਿਆ ਕਰਦਾ ਹੈ।
- ਸਾਰੇ ਪੀੜਤਾਂ ਵਿੱਚੋਂ 95% (ਭਾਵੇਂ ਕਿਸੇ ਵੀ ਲਿੰਗ ਦੇ ਹੋਣ) ਇੱਕ ਪੁਰਸ਼ ਅਪਰਾਧੀ ਵੱਲੋਂ ਕੀਤੀ ਹਿੰਸਾ ਦਾ ਸ਼ਿਕਾਰ ਬਣਦੇ ਹਨ
- ਆਸਟ੍ਰੇਲੀਆ ਦੇ 4 ਵਿੱਚੋਂ 1 ਯੁਵਕ ਨੇ 18 ਸਾਲ ਦੀ ਉਮਰ ਹੋਣ ਤੋਂ ਪਹਿਲਾਂ ਬਾਲ ਜਿਨਸੀ ਸ਼ੋਸ਼ਣ ਦਾ ਅਨੁਭਵ ਕੀਤਾ ਹੈ
ਇਹ ਇਸ ਤਰ੍ਹਾਂ ਹੋਣਾ ਲਾਜ਼ਮੀ ਨਹੀਂ ਹੈ। ਹਿੰਸਾ ਨੂੰ ਰੋਕਿਆ ਜਾ ਸਕਦਾ ਹੈ।
ਮੁੱਢਲੀ ਰੋਕਥਾਮ ਦਾ ਮਤਲਬ ਹੈ ਹਿੰਸਾ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੋਕਣਾ, ਉਨ੍ਹਾਂ ਸਥਿਤੀਆਂ ਨੂੰ ਬਦਲ ਕੇ, ਜੋ ਇਸਨੂੰ ਹੋਣ ਦਿੰਦੀਆਂ ਹਨ। ਇਹ ਉਨ੍ਹਾਂ ਕਾਰਵਾਈਆਂ ਦਾ ਹਵਾਲਾ ਦਿੰਦਾ ਹੈ ਜੋ ਅਸੀਂ ਸਾਰੇ ਉਨ੍ਹਾਂ ਵਿਚਾਰਾਂ ਨੂੰ ਪਛਾਣਨ ਲਈ ਕਰ ਸਕਦੇ ਹਾਂ ਜੋ ਹਿੰਸਾ ਦੀ ਵਰਤੋਂ ਕਰਨ ਵਾਲੇ ਲੋਕਾਂ ਦਾ ਸਮਰਥਨ ਕਰਦੇ ਹਨ, ਉਹਨਾਂ ਲਈ ਬਹਾਨਾ ਬਣਾਉਂਦੇ ਹਨ ਅਤੇ ਉਹਨਾਂ ਨੂੰ ਜਾਇਜ਼ ਠਹਿਰਾਉਂਦੇ ਹਨ - ਅਤੇ ਉਹਨਾਂ ਨੂੰ ਬਦਲਣ ਲਈ ਤਾਂ ਜੋ ਹਿੰਸਾ ਹੁਣ ਲੋਕਾਂ ਲਈ ਕੋਈ ਚੋਣ ਵਾਂਗ ਨਾ ਲੱਗੇ।
ਮੁੱਢਲੀ ਰੋਕਥਾਮ ਦੀਆਂ ਉਦਾਹਰਨਾਂ ਵਿੱਚ ਇਹ ਸ਼ਾਮਲ ਹਨ:
- ਸਕੂਲਾਂ ਵਿੱਚ ਆਦਰ-ਸਤਿਕਾਰ ਵਾਲੇ ਰਿਸ਼ਤਿਆਂ ਬਾਰੇ ਸਿੱਖਿਆ
- ਪਾਲਣ-ਪੋਸ਼ਣ ਪ੍ਰੋਗਰਾਮ ਜੋ ਨੁਕਸਾਨਦੇਹ ਲਿੰਗ ਰੂੜ੍ਹੀਵਾਦੀ ਧਾਰਨਾਵਾਂ ਨੂੰ ਚੁਣੌਤੀ ਦਿੰਦੇ ਹਨ
- ਸਹਿਮਤੀ ਬਾਰੇ ਜਨਤਕ ਜਾਗਰੂਕਤਾ ਮੁਹਿੰਮਾਂ
- ਲਿੰਗ ਕਾਰਨ ਤਨਖ਼ਾਹ ਦੇ ਪਾੜੇ ਨੂੰ ਬੰਦ ਕਰਨ ਲਈ ਬਦਲਾਅ।
ਪਰਿਵਾਰਕ ਹਿੰਸਾ ਅਤੇ ਔਰਤਾਂ ਵਿਰੁੱਧ ਹਿੰਸਾ ਕੀ ਹੈ?
ਪਰਿਵਾਰਕ ਹਿੰਸਾ ਦਾ ਮਤਲਬ ਹੈ ਕਿਸੇ ਵੀ ਤਰ੍ਹਾਂ ਦਾ ਹਿੰਸਕ, ਧਮਕੀ ਭਰਿਆ ਜਾਂ ਕੰਟਰੋਲ ਕਰਨ ਵਾਲਾ ਵਿਵਹਾਰ ਜੋ ਪਰਿਵਾਰਾਂ ਜਾਂ ਨਜ਼ਦੀਕੀ ਸੰਬੰਧਾਂ ਵਿੱਚ ਕੀਤਾ ਜਾਂਦਾ ਹੈ। ਇਹ ਕਿਸੇ ਮੌਜੂਦਾ ਜਾਂ ਕਿਸੇ ਖ਼ਤਮ ਹੋ ਚੁੱਕੇ ਰਿਸ਼ਤੇ ਵਿੱਚ ਹੋ ਸਕਦਾ ਹੈ।
ਇਹ ਹੇਠ ਲਿਖਿਆ ਵਰਗਾ ਹੋ ਸਕਦਾ ਹੈ:
- ਸਰੀਰਕ: ਸੱਟ ਮਾਰਨਾ, ਕੁੱਟਮਾਰ ਕਰਨਾ
- ਭਾਵਨਾਤਮਕ: ਧੱਕੇਸ਼ਾਹੀ ਕਰਨਾ, ਧਮਕੀਆਂ ਦੇਣਾ
- ਜਿਨਸੀ: ਤੁਹਾਨੂੰ ਸੈਕਸ ਕਰਨ ਲਈ ਮਜ਼ਬੂਰ ਕਰਨਾ
- ਪਿੱਛਾ ਕਰਨਾ: ਜਿਸ ਵਿੱਚ ਤਕਨਾਲੋਜੀ ਦੀ ਵਰਤੋਂ ਕਰਨੀ, ਜਾਂ ਹਮੇਸ਼ਾ ਇਹ ਜਾਣਨ ਦੀ ਕੋਸ਼ਿਸ਼ ਕਰਨਾ ਕਿ ਤੁਸੀਂ ਕਿੱਥੇ ਹੋ
- ਵਿੱਤੀ: ਸਾਰੇ ਪੈਸੇ ਦੇ ਫ਼ੈਸਲੇ ਆਪਣੇ ਹੱਥ ਵਿੱਚ ਰੱਖਣਾ ਜਾਂ ਤੁਹਾਨੂੰ ਕੰਮ ਕਰਨ ਤੋਂ ਰੋਕਣਾ
- ਇਕੱਲਤਾ: ਤੁਹਾਨੂੰ ਪਰਿਵਾਰ ਅਤੇ ਦੋਸਤਾਂ ਨਾਲ ਸੰਪਰਕ ਕਰਨ ਤੋਂ ਰੋਕਣਾ, ਜਾਂ ਤੁਹਾਨੂੰ ਲੋਕਾਂ ਨਾਲ ਮਿਲਣ-ਜੁਲਣ ਤੋਂ ਰੋਕਣਾ
- ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਜਾਂ ਤਬਾਹ ਕਰਨਾ
‘Are you Safe at Home’ (ਕੀ ਤੁਸੀਂ ਘਰ ਵਿੱਚ ਸੁਰੱਖਿਅਤ ਹੋ) ਵਿੱਚ ਹੋਰ ਜਾਣਕਾਰੀ, ਸਰੋਤ ਅਤੇ ਵੀਡੀਓਜ਼ ਉਪਲਬਧ ਹਨ।
ਕਿਵੇਂ ਸ਼ਾਮਲ ਹੋਣਾ ਅਤੇ ਬਦਲਾਅ ਲਿਆਉਣਾ ਹੈ?
‘16 ਦਿਨਾਂ ਦੀ ਸਰਗਰਮੀ’ ਮੁਹਿੰਮ ਵਿੱਚ ਸ਼ਾਮਲ ਹੋਵੋ
16 Days of Activism against Gender-Based Violence (ਲਿੰਗ-ਅਧਾਰਿਤ ਹਿੰਸਾ ਖ਼ਿਲਾਫ਼ 16 ਦਿਨਾਂ ਦੀ ਸਰਗਰਮੀ) ਇੱਕ ਵਿਸ਼ਵ ਪੱਧਰੀ ਮੁਹਿੰਮ ਹੈ ਜੋ ਲਿੰਗ-ਆਧਾਰਿਤ ਹਿੰਸਾ ਨੂੰ ਖ਼ਤਮ ਕਰਨ ਲਈ ਕਾਰਵਾਈ ਕਰਨ ਨੂੰ ਉਤਸ਼ਾਹਿਤ ਕਰਦੀ ਹੈ। ਇਹ ਹਰ ਸਾਲ 24 ਨਵੰਬਰ ਤੋਂ 10 ਦਸੰਬਰ ਤੱਕ ਚੱਲਦੀ ਹੈ।
ਇਸ ਸਮੇਂ ਦੌਰਾਨ, ਦੁਨੀਆ ਭਰ ਦੀਆਂ ਸੰਸਥਾਵਾਂ ਅਤੇ ਲੋਕ ਇਹ ਜਾਗਰੂਕਤਾ ਫੈਲਾਉਂਦੇ ਹਨ ਕਿ ਔਰਤਾਂ ਅਤੇ ਕੁੜੀਆਂ ਵਿਰੁੱਧ ਹਿੰਸਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।
ਵਿਕਟੋਰੀਆ ਵਿੱਚ, ਸਥਾਨਕ ਕੌਂਸਲਾਂ, ਔਰਤਾਂ ਦੀਆਂ ਸਿਹਤ ਸੰਸਥਾਵਾਂ, ਅਤੇ ਹੋਰ ਸਮੂਹ ਸਿੱਖਿਆ ਦੇਣ ਅਤੇ ਬਦਲਾਅ ਨੂੰ ਉਤਸ਼ਾਹਿਤ ਕਰਨ ਲਈ ਪ੍ਰੋਗਰਾਮ ਅਤੇ ਗਤੀਵਿਧੀਆਂ ਕਰਵਾਉਂਦੀਆਂ ਹਨ।
ਤੁਹਾਡੀ ਸਥਾਨਕ ਕੌਂਸਲ ਜਾਂ ਲਾਇਬ੍ਰੇਰੀ ਕੋਲ ਸ਼ਾਮਲ ਹੋਣ ਦੇ ਤਰੀਕਿਆਂ ਬਾਰੇ ਜਾਣਕਾਰੀ ਹੋ ਸਕਦੀ ਹੈ ਜਾਂ ਫਿਰ Safe and Equal Calendar (ਸੁਰੱਖਿਅਤ ਅਤੇ ਬਰਾਬਰੀ ਕੈਲੰਡਰ) ਜਾਂਚੋ ਤਾਂ ਕਿ ਤੁਸੀਂ ਵੇਖ ਸਕੋ ਤੁਹਾਡੇ ਇਲਾਕੇ ਵਿੱਚ ਕਿਹੜੇ ਪ੍ਰੋਗਰਾਮ ਹੋ ਰਹੇ ਹਨ।
ਪਰਿਵਾਰਕ ਹਿੰਸਾ ਖ਼ਿਲਾਫ਼ ਮਾਰਚ
Walk Against Family Violence (ਪਰਿਵਾਰਕ ਹਿੰਸਾ ਖ਼ਿਲਾਫ਼ ਮਾਰਚ) ਵਿੱਚ ਸ਼ਾਮਲ ਹੋਵੋ, ਜੋ ਕਿ ਵਿਕਟੋਰੀਆ ਵਿੱਚ 16 ਦਿਨਾਂ ਦੀ ਸਰਗਰਮੀ ਮੁਹਿੰਮ ਦਾ ਇੱਕ ਮਹੱਤਵਪੂਰਨ ਸਮਾਗਮ ਹੈ। ਇਹ ਮਾਰਚ ਸਾਰੇ ਵਿਕਟੋਰੀਆ ਵਾਸੀਆਂ ਲਈ ਸ਼ਾਂਤੀਪੂਰਨ ਇਕੱਠ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਹੈ, ਤਾਂ ਜੋ ਉਹ ਬੱਚਕੇ-ਨਿੱਕਲੇ-ਪੀੜਤ ਲੋਕਾਂ ਨਾਲ ਆਪਣਾ ਸਮਰਥਨ ਦਰਸਾ ਸਕਣ ਅਤੇ ਪਰਿਵਾਰਕ ਹਿੰਸਾ ਖ਼ਿਲਾਫ਼ ਖੜ੍ਹੇ ਹੋ ਸਕਣ।
ਇਸ ਮਾਰਚ ਲਈ, ਤੁਸੀਂ ਹੇਠ ਲਿਖਿਆ ਰਾਹੀਂ ਸਮਰਥਨ ਦਿਖਾ ਸਕਦੇ ਹੋ:
- ਸੰਤਰੀ ਰੰਗ ਦੇ ਕੱਪੜੇ ਪਹਿਨ ਕੇ
- ਸੋਸ਼ਲ ਮੀਡੀਆ ‘ਤੇ #WAFV2025 ਅਤੇ #WhyWeWalk ਵਰਤ ਕੇ ਮਾਰਚ ਵਿੱਚ ਸ਼ਾਮਲ ਹੋਣ ਦਾ ਕਾਰਨ ਸਾਂਝਾ ਕਰਕੇ
- ਆਪਣੀਆਂ ਪੋਸਟਾਂ ਵਿੱਚ @RespectVictoria ਨੂੰ ਟੈਗ ਕਰਕੇ
2025 ਵਿੱਚ, ਇਹ ਮਾਰਚ 28 ਨਵੰਬਰ ਨੂੰ ਸਵੇਰੇ 10 ਵਜੇ Birrarung Marr (ਅੱਪਰ ਟੈਰੇਸ) ਤੋਂ ਸ਼ੁਰੂ ਹੋਵੇਗਾ ਅਤੇ Treasury Gardens (ਲਗਭਗ 700 ਮੀਟਰ) ਵੱਲ ਜਾਵੇਗਾ। ਉੱਥੇ ਪਹੁੰਚਣ 'ਤੇ, ਤੁਸੀਂ ਪ੍ਰਭਾਵਸ਼ਾਲੀ ਬੁਲਾਰਿਆਂ ਤੋਂ ਉਨ੍ਹਾਂ ਦੇ ਵਿਚਾਰ ਸੁਣੋਗੇ ਅਤੇ ਤੁਹਾਡਾ ਆਰਾਮਦਾਇਕ ਭਾਈਚਾਰਕ ਪਿਕਨਿਕ ਲਈ ਠਹਿਰਨ ਲਈ ਸਵਾਗਤ ਹੈ, ਜਿਸ ਵਿੱਚ ਫੂਡ ਟਰੱਕ, ਮਾਰਕੀਟ ਸਟਾਲਾਂ, ਲਾਈਵ ਮਨੋਰੰਜਨ ਅਤੇ ਹੋਰ ਬਹੁਤ ਕੁੱਝ ਵੀ ਹੋਵੇਗਾ।
ਆਪਣੇ ਭਾਈਚਾਰੇ ਵਿੱਚ ਗੱਲਬਾਤ ਸ਼ੁਰੂ ਕਰੋ
ਆਪਣੀ ਭਾਈਚਾਰੇ ਜਾਂ ਸਰੋਤਿਆਂ ਦੀ ਇਹ ਸਮਝਣ ਵਿੱਚ ਮੱਦਦ ਕਰਨਾ ਕਿ ਸਤਿਕਾਰ ਅਤੇ ਹਿੰਸਾ ਨੂੰ ਰੋਕਣ ਵਿਚਕਾਰ ਕਿਹੜਾ ਸੰਬੰਧ ਹੈ — ਅਤੇ ਇਹ ਪਛਾਣਨਾ ਕਿ “ਨੁਕਸਾਨ ਰਹਿਤ ਲੱਗਣ ਵਾਲੇ” ਰਵੱਈਏ ਕਿਵੇਂ ਖ਼ਤਰਨਾਕ ਵਿਵਹਾਰ ਨੂੰ ਵਧਾ ਸਕਦੇ ਹਨ, ਉਸ ਲਈ ਬਹਾਨਾ ਬਣ ਸਕਦੇ ਹਨ ਜਾਂ ਉਸਨੂੰ ਜਾਇਜ਼ ਠਹਿਰਾ ਸਕਦੇ ਹਨ — ਇਸ ਗੱਲ ਨੂੰ ਸਮਝਣਾ ਹਿੰਸਾ ਵਿਰੁੱਧ ਕਾਰਵਾਈ ਕਰਨ ਲਈ ਉਹਨਾਂ ਨੂੰ ਸਮਰਥਨ ਦੇਣ ਦਾ ਇੱਕ ਬਹੁਤ ਜ਼ਰੂਰੀ ਕਦਮ ਹੈ।
ਆਪਣੇ ਭਾਈਚਾਰੇ ਵਿੱਚ ਗੱਲਬਾਤ ਨੂੰ ਉਤਸ਼ਾਹਿਤ ਕਰਨ ਅਤੇ ਸ਼ੁਰੂ ਕਰਨ ਲਈ ਇਨ੍ਹਾਂ ਸਮੱਗਰੀਆਂ ਦੀ ਵਰਤੋਂ ਕਰੋ।
- 16 ਦਿਨਾਂ ਦੀ ਮੁਹਿੰਮ ਦੇ ਪੋਸਟਰ (PDF, 659.55 KB)
- 16 ਦਿਨਾਂ ਦੀ ਮੁਹਿੰਮ ਦੀਆਂ ਸੋਸ਼ਲ ਟਾਈਲਾਂ
- ਮੁੱਖ ਸ਼ਬਦਾਂ ਦੀ ਸ਼ਬਦਾਵਲੀ (PDF, 325.02 KB)
ਲਾਭਦਾਇਕ ਸਰੋਤ ਅਤੇ ਸਿੱਖਿਆ
ਸਹਾਇਤਾ ਲਵੋ
ਜੇਕਰ ਤੁਸੀਂ ਫੌਰੀ ਖ਼ਤਰੇ ਵਿੱਚ ਹੋ, ਤਾਂ ਟ੍ਰਿਪਲ ਜ਼ੀਰੋ (000) 'ਤੇ ਪੁਲਿਸ ਨੂੰ ਕਾਲ ਕਰੋ।
Safe Steps ਵਿਕਟੋਰੀਆ ਲਈ ਇੱਕ ਗੁਪਤ ਅਤੇ ਸਹਾਇਤਾ ਕਰਨ ਵਾਲੀ ਪਰਿਵਾਰਕ ਹਿੰਸਾ ਲਈ ਜਵਾਬੀ-ਕਾਰਵਾਈ ਸੇਵਾ ਹੈ। ਇਹ ਫ਼ੋਨ ਸੇਵਾ 24/7 ਉਪਲਬਧ ਹੁੰਦੀ ਹੈ। 1800 015 188 'ਤੇ ਕਾਲ ਕਰੋ।
inTouch ਇੱਕ ਵਿਸ਼ੇਸ਼ ਪਰਿਵਾਰਕ ਹਿੰਸਾ ਸੇਵਾ ਹੈ ਜੋ ਬਹੁ-ਸੱਭਿਆਚਾਰਕ ਔਰਤਾਂ, ਉਹਨਾਂ ਦੇ ਪਰਿਵਾਰਾਂ ਅਤੇ ਉਹਨਾਂ ਦੇ ਭਾਈਚਾਰਿਆਂ ਨਾਲ ਕੰਮ ਕਰਦੀ ਹੈ। 1800 755 988 'ਤੇ ਕਾਲ ਕਰੋ।
Men’s Referral Service ਪੁਰਸ਼ਾਂ ਲਈ ਗੁਪਤ ਅਤੇ ਬਗ਼ੈਰ ਨਾਮ ਪੁੱਛੇ ਟੈਲੀਫ਼ੋਨ ਕੌਂਸਲਿੰਗ, ਜਾਣਕਾਰੀ ਅਤੇ ਰੈਫ਼ਰਲ ਪ੍ਰਦਾਨ ਕਰਦੀ ਹੈ ਤਾਂ ਜੋ ਉਹਨਾਂ ਦੀ ਹਿੰਸਕ ਅਤੇ ਕੰਟਰੋਲ ਕਰਨ ਵਾਲੇ ਵਿਵਹਾਰ ਨੂੰ ਬੰਦ ਕਰਨ ਲਈ ਕਾਰਵਾਈ ਕਰਨ ਵਿੱਚ ਮੱਦਦ ਕੀਤੀ ਜਾ ਸਕੇ। 1300 766 491 'ਤੇ ਕਾਲ ਕਰੋ।
Translating and Interpreting Service ਜੇਕਰ ਤੁਹਾਨੂੰ ਦੁਭਾਸ਼ੀਏ ਜਾਂ ਅਨੁਵਾਦਕ ਦੀ ਲੋੜ ਹੈ, ਤਾਂ ਅਨੁਵਾਦ ਅਤੇ ਦੁਭਾਸ਼ੀਆ ਸੇਵਾ ਨੂੰ 13 14 50 'ਤੇ ਕਾਲ ਕਰੋ। ਤੁਹਾਨੂੰ ਉਨ੍ਹਾਂ ਨੂੰ ਉਸ ਸੇਵਾ ਦਾ ਫ਼ੋਨ ਨੰਬਰ ਦੱਸਣ ਦੀ ਲੋੜ ਹੋਵੇਗੀ ਜਿਸ ਨਾਲ ਤੁਸੀਂ ਗੱਲ ਕਰਨਾ ਚਾਹੁੰਦੇ ਹੋ।